ਕਾਲਜ ਦੇ ਵਿਹੜੇ ਵਿੱਚ ਤੁਹਡੀ ਆਮਦ ’ਤੇ ਕਾਲਜ ਤੁਹਾਨੂੰ ਖੁਸ਼-ਆਮਦੀਦ ਆਖਦਾ ਹੋਇਆ ਤੁਹਾਡਾ ਸਵਾਗਤ ਕਰਦਾ ਹੈ। ਤੁਸੀਂ ਜਿਸ ਕਾਲਜ ਵਿੱਚ ਦਾਖ਼ਲਾ ਲੈ ਰਹੇ ਹੋ ਇਹ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਕਰਤਾਰਪੁਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੁਆਰਾ ਸਥਾਪਿਤ ਕੀਤਾ ਗਿਆ ਅਤੇ 2014-15 ਤੋਂ ਪਹਿਲਾ ਵਿਦਿਅਕ ਸੈਸ਼ਨ ਆਰੰਭ ਹੋਇਆ ਇਸ ਕਾਲਜ ਨੇ ਆਪਣੇ ਦਸ ਵਿਦਿਅਕ ਵਰ੍ਹਿਆਂ ਵਿੱਚ ਵੱਡੀਆਂ ਪੁਲਾਘਾਂ ਪੁੱਟਦੇ ਹੋਏ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਸਿੱਖਿਆ ਸਮਾਜ ਦੇ ਸਰਬ-ਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਸਿੱਖਿਆ ਦਾ ਮੰਤਵ ਡਿਗਰੀਆਂ, ਸਰਟੀਫਿਕੇਟ ਅਤੇ ਗਿਆਨ ਪ੍ਰਾਪਤ ਕਰਨਾ ਹੀ ਨਹੀਂ, ਸਗੋਂ ਮਨੁੱਖ ਨੂੰ ਸਭਿਅਕ, ਵਿਵੇਕਸ਼ੀਲ, ਵਿਚਾਰਵਾਨ ਅਤੇ ਆਤਮ ਨਿਰਭਰ ਬਣਾਉਣਾ ਵੀ ਹੈ। ਇਸੇ ਸੋਚ ਨੂੰ ਮੁੱਖ ਰੱਖਦੇ ਹੋਏ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਘਾਂ ਸਰ ਕਰਨ ਵਾਲੀ ਮਾਤਾ ਗੁਜਰੀ ਖ਼ਾਲਸਾ ਕਾਲਜ,ਕਰਤਾਰਪੁਰ ਅਜਿਹੀ ਸੰਸਥਾ ਹੈ। ਇਸ ਸੰਸਥਾ ਵਿੱਚ 10+1 ਅਤੇ 10+2 (ਸਾਇੰਸ, ਕਾਮਰਸ ਅਤੇ ਆਰਟਸ), ਬੀ.ਸੀ.ਏ,ਬੀ.ਐਸ.ਸੀ. (ਨਾਨ- ਮੈਡੀਕਲ), ਬੀ.ਕਾਮ. (ਰੈਗੂਲਰ), ਬੀ.ਏ., ਡੀ.ਸੀ.ਏ ਅਤੇ ਪੀ.ਜੀ.ਡੀ.ਸੀ.ਏ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ ਨੂੰ ਆਧੁਨਿਕ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਕਾਲਜ ਵਿੱਚ ਤਜ਼ਰਬੇਕਾਰ ਅਤੇ ਮਿਹਨਤੀ ਸਟਾਫ਼ ਦੇ ਨਾਲ-ਨਾਲ ਸਿੱਖਿਆ ਪ੍ਰਾਪਤੀ ਲਈ ਹਰ ਤਰ੍ਹਾਂ ਦੀਆਂ ਤਕਨੀਕੀ ਸੁਵਿਧਾਵਾਂ ਉਪਲੱਬਧ ਹਨ। ਕਾਲਜ ਦਾ ਹਰਿਆ-ਭਰਿਆ ਚੌਗਿਰਦਾ ਅਤੇ ਸਾਫ਼-ਸੁਥਰਾ ਵਾਤਾਵਰਣ ਵਿਦਿਆਰਥੀਆਂ ਲਈ ਸਿਹਤਮੰਦ ਮਾਹੌਲ ਸਿਰਜਦਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਆਪ ਸਭ ਨੂੰ ਸਮਰੱਥਾ ਪ੍ਰਦਾਨ ਕਰੇ ਤਾਂ ਜੋ ਆਪ ਇਸ ਕਾਲਜ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਭਵਿੱਖ ਵਿੱਚ ਉੱਚੀਆਂ ਪ੍ਰਾਪਤੀਆਂ ਕਰਕੇ ਇਸ ਕਾਲਜ ਦਾ ਨਾਮ ਰੋਸ਼ਨ ਕਰ ਸਕੋ। ਇਸ ਸਭ ਨੂੰ ਅਮਲੀ ਰੂਪ ਵਿੱਚ ਲਿਆਉਣ ਲਈ ਤੁਹਾਨੂੰ ਸਖ਼ਤ ਮਿਹਨਤ, ਸਿਰੜ, ਲਗਨ ਤੇ ਸਵੈ ਅਨੁਸ਼ਾਸਨ ਦੀ ਲੋੜ ਹੈ। ਤੁਸੀਂ ਮਿਆਰੀ ਵਿੱਦਿਆ ਦੇ ਨਾਲ-ਨਾਲ ਆਪਣੇ ਸਰਵਪੱਖੀ ਵਿਕਾਸ ਲਈ ਖੇਡਾਂ, ਐੱਨ.ਐੱਸ.ਐੱਸ., ਐੱਨ.ਸੀ.ਸੀ ਯੁਵਕ ਭਲਾਈ ਸੇਵਾਵਾਂ ਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਹਿੱਸਾ ਲਉ, ਕਿਉਂਕਿ ਇਹ ਵਿਦਿਆਰਥੀ ਜੀਵਨ ਦੇ ਸਰਵਪੱਖੀ ਵਿਕਾਸ ਦੀ ਬੁਨਿਆਦ ਹਨ,ਜਿਸ ਦੁਆਰਾ ਤੁਸੀਂ ਆਪਣੇ ਵਿਅਕਤਿਤਵ ਦਾ ਵਿਕਾਸ ਕਰਕੇ ਇੱਕ ਵਧੀਆ ਸਮਾਜ ਤੇ ਰਾਸ਼ਟਰ ਦਾ ਨਿਰਮਾਣ ਕਰਨ ਦੇ ਸਮਰੱਥ ਹੋ ਸਕੋ।