About us
ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੀ ਸਥਾਪਨਾ 2014 ਵਿੱਚ ਕਰਤਾਰਪੁਰ ਤੋਂ ਕਿਸ਼ਨਗੜ੍ਹ ਰੋਡ ਉੱਪਰ ਕੀਤੀ ਗਈ ਹੈ। ਕਰਤਾਰਪੁਰ ਸ਼ਹਿਰ ਧਾਰਮਿਕ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਸ਼ਹਿਰ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ। ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਇਸ ਧਰਤੀ 'ਤੇ ਚੌਥੀ ਜੰਗ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਇਸ ਪਾਵਨ ਧਰਤੀ ਉੱਪਰ ਹੋਇਆ। ਇਸੇ ਧਰਤੀ 'ਤੇ ਲਗਭਗ ਤੇਰ੍ਹਾਂ ਇਤਿਹਾਸਿਕ ਗੁਰ-ਅਸਥਾਨ ਹਨ। ਇਸ ਸ਼ਹਿਰ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਸਮਝਦਿਆਂ 2009 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ। ਸੈਸ਼ਨ 2014-15 ਤੋਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਮਾਨਤਾ ਪ੍ਰਾਪਤ ਹੈ। ਇਸ ਸਮੇਂ ਇਸ ਸੰਸਥਾ ਦੀ ਅਗਵਾਈ ਸ. ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਕਰ ਰਹੇ ਹਨ, ਆਪ ਐਡਵੋਕੇਟ ਅਤੇ ਸਿੱਖ ਇਤਿਹਾਸ ਦੇ ਬਹੁਤ ਵੱਡੇ ਵਿਦਵਾਨ ਹਨ ਤੇ ਸਿੱਖਿਆ ਦੀਆਂ ਲੋੜਾਂ ਨੂੰ ਬਾਖ਼ੂਬੀ ਸਮਝਦੇ ਹਨ। ਕਾਲਜ ਦੀ ਇਮਾਰਤ ਅੱਜ ਸਲਾਹੁਣਯੋਗ ਇਮਾਰਤ ਦਾ ਰੂਪ ਧਾਰ ਚੁੱਕੀ ਹੈ। ਵਿਸ਼ਾਲ ਅਤੇ ਹਵਾਦਾਰ ਕਮਰਿਆਂ ਤੋਂ ਇਲਾਵਾ ਵਿਸ਼ਾਲ ਲਾਇਬ੍ਰੇਰੀ, ਅਤਿ - ਆਧੁਨਿਕ ਕੰਪਿਊਟਰ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਪ੍ਰਯੋਗਸ਼ਾਲਾਵਾਂ, ਹਰੇ ਭਰੇ ਲਾਅਨ, ਖੇਡ ਦੇ ਮੈਦਾਨ ਅਤੇ ਕੰਟੀਨ ਕਾਲਜ ਦੀ ਇਮਾਰਤ ਦੀ ਸ਼ਾਨ ਵਿੱਚ ਹੋਰ ਵਾਧਾ ਕਰਦੇ ਹਨ। ਲੜਕੀਆਂ ਅਤੇ ਲੜਕਿਆਂ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਹੈ, ਇਸ ਤੋਂ ਇਲਾਵਾ ਸਾਇਕਲ ਸਟੈਂਡ, ਪੀਣ ਵਾਲੇ ਪਾਣੀ ਲਈ .. ਸ਼ੇਸਟੲਮ ਦਾ ਪ੍ਰਬੰਧ ਬੱਚਿਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ। ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ - ਨਾਲ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਮਹਾਨ ਇਤਿਹਾਸਕ ਵਿਰਸੇ ਦੀ ਪ੍ਰੇਰਨਾ, ਉੱਚ ਸ਼ਖ਼ਸੀਅਤਾਂ ਦੀ ਸੁਚੱਜੀ ਅਗਵਾਈ, ਇਲਾਕੇ ਦੇ ਪਤਵੰਤੇ ਸੱਜਣਾਂ, ਸੂਝਵਾਨ ਅਧਿਆਪਕਾਂ, ਮਿਹਨਤੀ ਵਿੱਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਪੂਰਨ ਸਹਿਯੋਗ ਸਦਕਾ ਇਹ ਕਾਲਜ ਹਰ ਖੇਤਰ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਅਤੇ ਆਸ ਹੈ ਕਿ ਆਉਣ ਵਾਲੇ ਭਵਿੱਖ ਵਿੱਚ ਇਸ ਸ਼ਹਿਰ ਦੇ ਗੌਰਵਮਈ ਇਤਿਹਾਸ ਵਿੱਚ ਹੋਰ ਰੰਗ ਭਰੇਗਾ।